ਮਿੱਟੀ ਦੇ ਟਿੱਬੇ ਦੇ ਸੱਜੇ ਪਾਸੇ
ਟੋਭੇ ਦੇ ਨਾਲ਼ੋਂ-ਨਾਲ਼ ਨੀ
ਵਿੱਚ ਚਰਾਂਦਾਂ ਦੇ ਭੇਡਾਂ ਜੋ ਚਾਰੇ
ਬਾਬੇ ਤੋਂ ਪੁੱਛੀਂ ਮੇਰਾ ਹਾਲ ਨੀ
ਸੜਕ ਵੱਲੀਂ ਤੇਰੇ ਕਮਰੇ ਦੀ ਖਿੜਕੀ ਦੀ
ਤਖ਼ਤੀ 'ਤੇ ਲਿਖਿਆ ਐ ਨਾਂ ਮੇਰਾ
ਘੋੜੀ ਵੇਚੀ ਜਿੱਥੇ ਚਾਚੇ ਤੇਰੇ ਨੇ
ਓਹੀ ਐ ਜਾਨੇ ਗਰਾਂ ਮੇਰਾ
ਤੂੰ ਮੇਰੇ ਰਸਤੇ ਨੂੰ ਤੱਕਦੀ ਹੀ ਰਹਿ ਗਈ
ਉਬਲ਼ ਕੇ ਚਾਹ ਤੇਰੀ ਚੁੱਲ੍ਹੇ 'ਚ ਪੈ ਗਈ
ਮੇਰਾ ਪਤਾ ਤੇਰੀ ਸਹੇਲੀ ਨੂੰ ਪਤਾ ਐ
ਤੂੰ ਤਾਂ ਕਮਲ਼ੀਏ ਨੀ ਜਕਦੀ ਹੀ ਰਹਿ ਗਈ
ਕਾਰਖ਼ਾਨੇ ਵਾਲ਼ੇ ਮੋੜ ਦੇ ਕੋਲ਼ੇ
ਟਾਂਗਾ ਉਡੀਕੇ ਤੂੰ ਬੋਹੜ ਦੇ ਕੋਲ਼ੇ
ਆਜਾ, ਕਦੇ ਮੇਰੀ ਘੋੜੀ 'ਤੇ ਬਹਿ ਜਾ
ਪਿਆਰ ਨਾਲ਼ ਗੱਲ ਪਿਆਰ ਦੀ ਕਹਿ ਜਾ
ਨੀਂਦ ਤੇ ਚੈਨ ਤਾਂ ਪਹਿਲਾਂ ਈ ਤੂੰ ਲੈ ਗਈ
ਜਾਨ ਹੀ ਰਹਿੰਦੀ ਐ, ਆਹ ਵੀ ਤੂੰ ਲੈ ਜਾ
ਅੱਖਾਂ ਵਿੱਚੋਂ ਕਿੰਨਾ ਬੋਲਦੀ ਐ
ਚਿਹਰੇ ਮੇਰੇ 'ਚੋਂ ਕੀ ਟੋਲ਼ਦੀ ਐ?
ਮੇਰੇ ਵਿੱਚੋਂ ਤੈਨੂੰ ਐਸਾ ਕੀ ਦਿਖਿਆ
ਕਿ ਬਾਕੀ ਐਨੇ ਦਿਲ ਰੋਲ਼ਦੀ ਐ?
ਬਾਲ਼ਣ ਲਿਆਉਨੀ ਐ ਜੰਗਲ 'ਚੋਂ ਆਥਣ ਨੂੰ
ਨਾਲ਼ ਪੱਕੀ ਇੱਕ ਰੱਖਦੀ ਐ ਸਾਥਣ ਨੂੰ
ਕਿੱਕਰ ਦੀ ਟਾਹਣੀ ਨੂੰ ਮਾਣ ਜਿਹਾ ਹੁੰਦਾ ਐ
ਮੋਤੀ ਦੰਦਾਂ ਨਾਲ਼ ਛੁਹਨੀ ਐ ਦਾਤਣ ਨੂੰ
ਲੱਕ ਤੇਰੇ ਉੱਤੇ ਜਚਦੇ ਬੜੇ
ਨਹਿਰੋਂ ਦੋ ਭਰਦੀ ਪਿੱਤਲ਼ ਦੇ ਘੜੇ
ਸ਼ਹਿਰੋਂ ਪਤਾ ਕਰਕੇ ਸਿਹਰੇ ਦੀ ਕੀਮਤ
ਤੇਰੇ ਪਿੱਛੇ ਕਿੰਨੇ ਫਿਰਦੇ ਛੜੇ
ਤੂੰ ਤਾਂ ਚੁਬਾਰੇ 'ਚੋਂ ਪਰਦਾ ਹਟਾ ਕੇ
ਚੋਰੀ-ਚੋਰੀ ਮੈਨੂੰ ਦੇਖਦੀ ਐ
ਯਾਰ, ਮਿੱਤਰ ਇੱਕ ਮੇਰੇ ਦਾ ਕਹਿਣਾ ਐ
ਨੈਣਾਂ ਨਾਲ਼ ਦਿਲ ਛੇਕਦੀ ਐ
ਅਗਲੇ ਮਹੀਨੇ ਮੰਦਰ 'ਤੇ ਮੇਲਾ ਐ
ਮੇਲੇ ਦੇ ਦਿਨ ਤੇਰਾ ਯਾਰ ਵੀ ਵਿਹਲਾ ਐ
ਗਾਨੀ ਨਿਸ਼ਾਨੀ ਤੈਨੂੰ ਲੈਕੇ ਦੇਣੀ ਐ
ਅੱਲੇ-ਪੱਲੇ ਮੇਰੇ ਚਾਰ ਕੁ ਧੇਲਾ ਐ
ਦੇਰ ਕਿਉਂ ਲਾਉਨੀ ਐ? ਜੁਗਤ ਲੜਾ ਲੈ
ਮੈਨੂੰ ਸਬਰ ਨਹੀਂ, ਤੂੰ ਕਾਹਲ਼ੀ ਮਚਾ ਲੈ
ਭੂਆ, ਜਾਂ ਮਾਸੀ, ਜਾਂ ਚਾਚੀ ਨੂੰ ਕਹਿ ਕੇ
ਘਰ ਤੇਰੇ ਮੇਰੀ ਤੂੰ ਗੱਲ ਚਲਾ ਲੈ
ਲਿੱਪ ਕੇ ਘਰ ਸਾਡਾ ਨਣਦ ਤੇਰੀ ਨੇ
ਕੰਧ ਉੱਤੇ ਤੇਰਾ ਚਿਹਰਾ ਬਣਾਤਾ
ਚਿਹਰੇ ਦੇ ਨਾਲ਼ ਕੋਈ ਕਾਲ਼ਾ ਜਿਹਾ ਵਾਹ ਕੇ
ਉਹਦੇ ਮੱਥੇ ਉੱਤੇ ਸਿਹਰਾ ਸਜਾਤਾ
ਪਤਾ ਲੱਗਾ ਤੈਨੂੰ ਸ਼ੌਕ ਫੁੱਲਾਂ ਦਾ
ਫੁੱਲਾਂ ਦਾ ਰਾਜਾ ਗੁਲਾਬ ਹੀ ਐ
ਚਾਰ ਬਿੱਘੇ ਵਿੱਚ ਖ਼ੁਸ਼ਬੂ ਪੁਗਾਉਣੀ
ਹਾਲੇ ਕਾਕੇ ਦਾ ਖ਼ਾਬ ਹੀ ਐ
ਡੌਲ਼ਾਂ 'ਤੇ ਘੁੰਮਦੀ ਦੇ ਸਾਹਾਂ 'ਚ ਘੁਲ਼ ਕੇ
ਖ਼ੁਸ਼ਬੂਆਂ ਖ਼ੁਸ਼ ਹੋਣਗੀਆਂ
ਉੱਡਦਾ ਦੁਪੱਟਾ ਦੇਖ ਕੇ ਤੇਰਾ
ਕੋਇਲਾਂ ਵੀ ਗਾਣੇ ਗਾਉਣਗੀਆਂ